ਬਾਬਾ ਦੀਪ ਸਿੰਘ ਟਰਸਟ ਦੇ ਮੁਖ ਸੇਵਾਦਾਰ ਅਤੇ ਪੰਥ ਪ੍ਰਸਿੱਧ ਕੀਰਤਨੀਏ ਭਾਈ ਅਮਨਦੀਪ ਸਿੰਘ ਦੇ ਪਿਤਾ ਦੇ ਅਕਾਲ ਚਲਾਣੇ ਦਾ ਅਫਸੋਸ ਕਰਨ ਲਈ ਅੱਜ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਪਹੰੁਚੇ। ਭਾਈ ਅਮਨਦੀਪ ਸਿੰਘ ਦੇ ਪਿਤਾ ਭਾਈ ਜਗਤਾਰ ਸਿੰਘ ਬੀਤੇ ਦਿਨੀ ਅਕਾਲ ਚਲਾਣਾ ਕਰ ਗਏ ਸਨ। ਇਸ ਮੌਕੇ ਤੇ ਗਿਆਨੀ ਹਰਪ੍ਰੀਤ ਸਿੰਘ ਨੇ ਕਿਸੇ ਤਰਾਂ ਦੀ ਸਿਆਸੀ ਗਲਬਾਤ ਕਰਨ ਤੋ ਸਾਫ ਇਨਕਾਰ ਕਰਦਿਆਂ ਕਿਹਾ ਕਿ ਉਹ ਕੇਵਲ ਭਾਈ ਅਮਨਦੀਪ ਸਿੰਘ ਨਾਲ ਅਫਸੋਸ ਦਾ ਇਜਹਾਰ ਕਰਨ ਲਈ ਆਏ ਹਨ। ਉਨਾ ਭਾਈ ਅਮਨਦੀਪ ਸਿੰਘ ਨਾਲ ਦਿਲੀ ਹਮਦਰਦੀ ਜਾਹਿਰ ਕਰਦਿਆਂ ਕਿਹਾ ਕਿ ਮਾਤਾ ਪਿਤਾ ਦੀ ਘਾਟ ਕਦੇ ਵੀ ਪੂਰੀ ਨਹੀ ਹੋ ਸਕਦੀ।ਆਪ ਦੇ ਪਿਤਾ ਜੀ ਅਕਾਲ ਪੁਰਖ ਦੁਆਰਾ ਬਖ਼ਸ਼ੇ ਸਵਾਸਾਂ ਦੀ ਪੂੰਜੀ ਸਫਲ ਕਰ ਗਏ ਹਨ।ਜਥੇਦਾਰ ਨੇ ਕਿਹਾ ਕਿ ਭਾਈ ਜਗਤਾਰ ਸਿੰਘ ਦੇ ਉੱਚੇ ਸੁੱਚੇ ਕਿਰਦਾਰ ਅਤੇ ਦਿੱਤੀਆਂ ਸਿਿਖਆਵਾਂ ਦਾ ਸਦਕਾ ਅੱਜ ਭਾਈ ਅਮਨਦੀਪ ਸਿੰਘ ਸੰਗਤਾਂ ਨੂੰ ਗੁਰਮਤਿ ਨਾਲ ਜ਼ੋੜ ਰਹੇ ਹਨ ਤੇ ਮਾਨਵਤਾ ਦੀ ਸੇਵਾ ਲਈ ਕਈ ਪ੍ਰੋਜੈਕਟ ਉਲੀਕ ਕੇ ਚਲਾ ਰਹੇ ਹਨ।ਇਸ ਮੌਕੇ ਤੇ ਭਾਈ ਅਮਨਦੀਪ ਸਿੰਘ ਨੇ ਜਥੇਦਾਰ ਨੂੰ ਗੁਰੂ ਘਰ ਦੀ ਬਖਸ਼ਿਸ਼ ਸਿਰੋਪਾ ਦੇ ਕੇ ਸਨਮਾਨਿਤ ਕੀਤਾ।